ਮਾਝ ਰਾਗ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮਾਝ ਰਾਗ (ਬਾਣੀ): ਗੁਰੂ ਗ੍ਰੰਥ ਸਾਹਿਬ ਦੇ ਮਾਝ ਰਾਗ ਵਿਚ 50 ਚਉਪਦੇ , 39 ਅਸ਼ਟਪਦੀਆਂ , ਇਕ ਬਾਰਹਮਾਹ, ਇਕ ਦਿਨ-ਰੈਣਿ ਅਤੇ ਇਕ ਵਾਰ ਦਰਜ ਹਨ।

ਚਉਪਦੇ ਪ੍ਰਕਰਣ ਦੇ ਕੁਲ 50 ਚਉਪਦਿਆਂ ਵਿਚ ਸੱਤ ਗੁਰੂ ਰਾਮਦਾਸ ਜੀ ਦੇ ਹਨ। ਇਨ੍ਹਾਂ ਵਿਚ ਪਰਮਾਤਮਾ ਦੀ ਉਸਤਤ ਤੋਂ ਇਲਾਵਾ, ਗੁਰੂ ਦੇ ਮਹੱਤਵ ਨੂੰ ਵੀ ਦਰਸਾਇਆ ਗਿਆ ਹੈ। ਬਾਕੀ ਦੇ 43 ਚਉਪਦੇ ਗੁਰੂ ਅਰਜਨ ਦੇਵ ਜੀ ਦੇ ਹਨ। ਇਨ੍ਹਾਂ ਦਾ ਆਰੰਭ ਮੇਰਾ ਮਨੁ ਲੋਚੈ ਗੁਰ ਦਰਸਨ ਤਾਈ ਨਾਂ ਦੇ ਪ੍ਰਸਿੱਧ ਇਤਿਹਾਸਿਕ ਸ਼ਬਦ ਨਾਲ ਹੁੰਦਾ ਹੈ। ਇਸ ਉਪਰੰਤ ਵੀ ਸਾਰੇ ਚਉਪਦਿਆਂ ਦਾ ਸਮੁੱਚਾ ਮਾਹੌਲ ਹਰਿ-­ਮਿਲਨ ਦੀ ਤੀਬਰ ਲੋਚਾ ਵਾਲਾ ਹੈ।

ਅਸ਼ਟਪਦੀ ਪ੍ਰਕਰਣ ਦੀਆਂ ਕੁਲ 39 ਅਸ਼ਟਪਦੀਆਂ ਵਿਚੋਂ ਇਕ ਗੁਰੂ ਨਾਨਕ ਦੇਵ ਜੀ ਦੀ ਹੈ ਜਿਸ ਵਿਚ ਹਉਮੈ ਨੂੰ ਤਿਆਗਣ ਅਤੇ ਹੁਕਮ ਨੂੰ ਮੰਨਣ ਉਤੇ ਬਲ ਦਿੱਤਾ ਗਿਆ ਹੈ।

ਗੁਰੂ ਅਮਰ ਦਾਸ ਜੀ ਦੀਆਂ ਰਚੀਆਂ 32 ਅਸ਼ਟਪਦੀਆਂ ਵਿਚੋਂ 31 ਵਿਚ ਅੱਠ ਅੱਠ ਅਤੇ ਇਕ ਵਿਚ ਨੌਂ ਪਦੀਆਂ ਹਨ। ਇਨ੍ਹਾਂ ਵਿਚ ਗੁਰੂ ਜੀ ਨੇ ਪਰਮਾਤਮਾ ਦਾ ਗੁਣ-ਗਾਨ ਕਰਦਿਆਂ ਉਸ ਦੇ ਨਾਮ ਦੀ ਆਰਾਧਨਾ ਉਤੇ ਬਹੁਤ ਬਲ ਦਿੱਤਾ ਹੈ ਅਤੇ ਗੁਰੂ-ਭਗਤੀ ਦੀ ਵਿਸਤਾਰ ਨਾਲ ਗੱਲ ਕੀਤੀ ਹੈ। ਗੁਰੂ ਰਾਮਦਾਸ ਦੀ ਲਿਖੀ ਇਕ ਅਸ਼ਟਪਦੀ ਵਿਚ ਪਰਮਾਤਮਾ ਨੂੰ ਸਾਰੀ ਸ੍ਰਿਸ਼ਟੀ ਦਾ ਸਿਰਜਕ ਅਤੇ ਸੰਸਥਾਪਕ ਕਿਹਾ ਗਿਆ ਹੈ। ਅੰਤ ਵਿਚ ਪੰਜ ਅਸ਼ਟਪਦੀਆਂ ਗੁਰੂ ਅਰਜਨ ਦੇਵ ਦੀਆਂ ਹਨ ਜਿਨ੍ਹਾਂ ਵਿਚੋਂ ਚਾਰ ਵਿਚ ਅੱਠ ਅੱਠ ਅਤੇ ਇਕ ਵਿਚ ਨੌਂ ਪਦੀਆਂ ਹਨ। ਇਨ੍ਹਾਂ ਵਿਚ ਗੁਰਬਾਣੀ ਦੇ ਮੁੱਖ ਵਿਸ਼ਿਆਂ ਤੋਂ ਇਲਾਵਾ ਮਨੁੱਖ ਦੀ ਜੀਵਨ-ਵਿਧੀ ਨੂੰ ਪ੍ਰਸ਼ਨੋਤਰੀ ਸ਼ੈਲੀ ਵਿਚ ਸਪੱਸ਼ਟ ਕੀਤਾ ਗਿਆ ਹੈ।

ਇਸ ਤੋਂ ਅੰਗੇ ‘ਬਾਰਹਮਾਹਾ’, ‘ਦਿਨ ਰੈਣਿ’ ਅਤੇ ‘ਵਾਰ’ ਦਰਜ ਹਨ ਜਿਨ੍ਹਾਂ ਬਾਰੇ ਸੁਤੰਤਰ ਇੰਦਰਾਜ ਵੇਖੋ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2781, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਮਾਝ ਰਾਗ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਮਾਝ (ਰਾਗ) : ਸੰਪੂਰਨ ਜਾਤੀ ਦਾ ਇਕ ਰਾਗ ਹੈ ਜਿਸ ਵਿਚ ਰਿਸ਼ਭ, ਮੱਧਮ, ਪੰਚਮ ਅਤੇ ਧੈਵਤ ਸ਼ੁੱਧ ਲਗਦੇ ਹਨ। ਇਸ ਵਿਚ ਗਾਂਧਾਰ ਤੇ ਨਿਸ਼ਾਦ ਸ਼ੁੱਧ ਅਤੇ ਕੋਮਲ ਦੋਵੇਂ ਹੀ ਲਗਦੇ ਹਨ। ਵਾਦੀ ਸੁਰ ਸ਼ੜਜ, ਸੰਵਾਦੀ ਰਿਸ਼ਭ ਅਤੇ ਅਨੁਵਾਦੀ ਗਾਂਧਾਰ ਹੈ। ਸ਼ੜਜ ਗ੍ਰਹਿਸੁਰ ਹੈ ਅਤੇ ਇਸ ਰਾਗ ਦੇ ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ। 

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਰਾਗ ਦਾ ਨੰਬਰ ਦੂਜਾ ਹੈ ਅਤੇ ਪੰਨ ਨੰਬਰ ੮੪ ਤੋਂ ੧੫੦ ਤਕ ਵਿਸਤਰਿਤ ਹੈ। ਇਸ ਰਾਗ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਅਸਟਪਦੀਆਂ ਤੇ ਵਾਰ, ਗੁਰੂ ਅਮਰਦਾਸ ਜੀ ਦੀਆਂ ਅਸਟਪਦੀਆਂ, ਗੁਰੂ ਰਾਮਦਾਸ ਜੀ ਦੇ ਸ਼ਬਦ ਅਤੇ ਅਸਟਪਦੀਆਂ, ਗੁਰੂ ਅਰਜਨ ਦੇਵ ਜੀ ਦੇ ਸ਼ਬਦ, ਅਸਟਪਦੀਆਂ, ਬਾਰਹਮਾਹ ਅਤੇ ਦਿਨ ਰੈਣਿ ਉਚਾਰਣ ਕੀਤੇ ਹੋਏ ਹਨ। 

ਬਾਣੀ ਬਿਉਰੇ ਵਿਚ ‘ਬੁਧ ਪ੍ਰਕਾਸ਼ ਦਰਪਨਾ’ ਦਾ ਹਵਾਲਾ ਦੇ ਕੇ ਇਸ ਰਾਗ ਸੰਬਧੀ ਇਉਂ ਲਿਖਿਆ ਹੈ :– 

  ਸਿਰੀ ਰਾਗ ਮਧੁ ਮਾਧਵੀ ਅਰ ਮਲਾਰ ਸੁਰ ਜਾਨ । 

  ਇਨ ਮਿਲ ਮਾਝ ਬਖਾਨਹੀ ਲੀਜੋ ਗੁਨਿਜਨ ਮਾਨ। 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1461, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-14-03-10-26, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ; ਸ਼ਬਦਾਰਥ ਸ੍ਰੀ ਗੁਰੂ ਸਾਹਿਬ-ਪੋਥੀ ਪਹਿਲੀ; ਗਾਵਹੁ ਸਚੀ ਬਾਣੀ-ਡਾ. ਰਘਬੀਰ ਸਿੰਘ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.